Welcome, Guest   [ Register | Sign In | Take a tour | Adult Filter: On ]

ਕਲਮ ਦਾ ਬਾਦਸ਼ਾਹ ਓਹੜਪੁਰੀ

ਉਹ ਲੋਕ ਬਹੁਤ ਨਸੀਬਾਂ ਵਾਲੇ ਹੁੰਦੇ ਹਨ, ਜਿਹਨਾਂ ਨੂੰ ਆਪਣੀ ਮਾਂ ਬੋਲੀ ਦੀ ਅਤੇ ਆਪਣੇ ਵਿਰਸੇ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ.ਅਜਿਹੀਆਂ ਖੁਸ਼ਨਸੀਬ ਸ਼ਖਸੀਅਤਾਂ ਦੀ ਕਤਾਰ ਵਿੱਚ ਇੱਕ ਨਾਂਅ ਪੰਜਾਬੀ ਗੀਤਕਾਰ ਹਰਵਿੰਦਰ ਓਹੜਪੁਰੀ ਦਾ ਵੀ ਆਉਂਦਾ ਹੈ, ਜਿਸਦੇ ਲਿਖੇ ਗੀਤਾਂ ਨੇ ਪੰਜਾਬੀ ਮਾਂ ਬੋਲੀ ਨੂੰ ਸੱਤ ਸਮੁੰਦਰ ਪਾਰ ਆਪਣੀ ਹੋਂਦ ਬਣਾਉਣ ਵਿੱਚ ਬਹੁਤ ਅਹਿਮ ਅਤੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ. ਨੌਜਵਾਨ ਪੀੜ੍ਹੀ ਦੇ ਲਿਖਾਰੀਆਂ ਲਈ ਪ੍ਰੇਰਨਾ ਸਰੋਤ ਬਣ ਚੁੱਕੇ 'ਓਹੜਪੁਰੀ' ਦੇ ਗੀਤਾਂ ਵਿੱਚੋਂ ਪੰਜਾਬੀ ਸੱਭਿਅਤਾ ਅਤੇ ਸਿੱਖ ਵਿਰਸਾ ਡੁੱਲ੍ਹ ਡੁੱਲ੍ਹ ਪੈਂਦਾ ਹੈ. ਪੰਜਾਬੀ ਮਾਂ ਬੋਲੀ ਦੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਗੀਤਕਾਰ ਹਰਵਿੰਦਰ ਓਹੜਪੁਰੀ ਦੇ ਨਾਲ ਹੋਈ ਪੰਜਾਬੀ ਵੈਬਦੁਨੀਆ ਦੀ ਸਿੱਧੀ ਗੱਲਬਾਤ ਦੇ ਕੁੱਝ ਮੁੱਖ ਅੰਸ਼ :-

ਲਿਖਣ ਦੀ ਚੇਟਕ ਕਦੋਂ ਅਤੇ ਕਿਵੇਂ ਲੱਗੀ ?
ਮੈਂ ਬਚਪਨ ਦੇ ਵਿੱਚ ਸਭ ਤੋਂ ਜਿਆਦਾ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਅਤੇ ਦੋਗਾਣਾ ਗਾਇਕੀ ਦੀ ਜਾਨ ਮੁਹੰਮਦ ਸੱਦੀਕ ਹੁਰਾਂ ਨੂੰ ਸੁਣਦਾ ਸੀ. ਇਹਨਾਂ ਮਹਾਨ ਗਾਇਕਾਂ ਦੇ ਗੀਤ ਸੁਣਦੇ ਸੁਣਦੇ ਖੁਦ ਨੂੰ ਲਿਖਣ ਦਾ ਸ਼ੌਂਕ ਪੈ ਗਿਆ. ਪਰੰਤੂ ਇਸ ਕਲਾ ਨੂੰ ਹੋਰ ਨਿਖ਼ਾਰਨ ਦੇ ਲਈ ਮੈਂ ਪ੍ਰਸਿੱਧ ਪੰਜਾਬੀ ਗੀਤਕਾਰ ਸਮਸ਼ੇਰ ਸੰਧੂ ਜੀ ਨੂੰ ਆਪਣਾ ਰਸਮੀਂ ਗੁਰੂ ਧਾਰਨ ਕੀਤਾ.

ਤੁਹਾਡਾ ਪਹਿਲਾਂ ਗੀਤ ਕਦੋਂ ਰਿਕਾਰਡ ਹੋਇਆ ਅਤੇ ਕਿਸਨੇ ਗਾਇਆ ?
ਮੇਰਾ ਪਹਿਲਾਂ ਗੀਤ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਹੁਰਾਂ ਦੀ ਆਵਾਜ ਵਿੱਚ 'ਰੱਬ ਦੇ ਚਪੇੜਾਂ' ਸੰਨ 1987 ਦੇ ਦੌਰਾਨ ਰਿਕਾਰਡ ਹੋਇਆ. ਇਹ ਪਲ ਮੇਰੀ ਜਿੰਦਗੀ ਦੇ ਸਭ ਤੋਂ ਅਹਿਮ ਅਤੇ ਅਭੁੱਲ ਪਲਾਂ ਵਿੱਚੋਂ ਇੱਕ ਹੈ, ਕਿਉਂਕਿ ਇਹ ਗੀਤ ਮੇਰੀ ਗੀਤਾਕਾਰੀ ਦੇ ਸ਼ਹਿਰ ਦੀ ਨੀਂਹ ਸੀ.

ਹੁਣ ਤੱਕ ਕਿੰਨੇ ਕੁ ਗੀਤ ਲਿਖੇ ਅਤੇ ਕਿੰਨੇ ਕੁ ਰਿਕਾਰਡ ਹੋਏ ?
ਹੁਣ ਤੱਕ ਮੈਂ ਤਕਰੀਬਨ 1000 ਤੋਂ ਜਿਆਦਾ ਗੀਤ ਲਿਖ ਚੁੱਕਿਆ ਹਾਂ ਅਤੇ ਪਿਛਲੇ ਕਰੀਬਨ ਦੋ ਦੁਹਾਕਿਆਂ ਦੇ ਵਿੱਚ 500 ਤੋਂ ਜਿਆਦਾ ਗੀਤ ਵੱਖ ਵੱਖ ਗਾਇਕ-ਗਾਇਕਾਵਾਂ ਦੀ ਆਵਾਜ ਵਿੱਚ ਰਿਕਾਰਡ ਹੋ ਚੁੱਕੇ ਹਨ. ਜਿਹਨਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ ਬਖ਼ਸਿਆ ਗਿਆ. ਮੈਂ ਆਪਣੇ ਸਰੋਤਿਆਂ ਦਾ ਤਹਿ-ਦਿਲੋਂ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਮੇਰੀ ਕਲਮ 'ਚੋਂ ਨਿਕਲੇ ਗੀਤਾਂ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ ਅਤੇ ਮੇਰੀ ਜਿਹੀ ਨਾ-ਚੀਜ਼ ਨੂੰ ਮਾਣ ਬਖ਼ਸਿਆ.

ਤੁਹਾਡੇ ਲਿਖੇ ਗੀਤ ਕਿੰਨੇ ਗਾਇਕਾ-ਗਾਇਕਾਵਾਂ ਨੇ ਗਾਏ ?
ਹੁਣ ਤੱਕ ਮੇਰੇ ਗੀਤ ਕੁਲਦੀਪ ਮਾਣਕ, ਸਵ. ਸੁਰਜੀਤ ਬਿੰਦਰੱਖੀਆ, ਹੰਸ ਰਾਜ ਹੰਸ, ਸਤਵਿੰਦਰ ਬਿੱਟੀ, ਲਹਿੰਬਰ ਹੁਸੈਨਪੁਰੀ, ਸਲੀਮ, ਸਬਰਕੋਟੀ, ਸਰਬਜੀਤ ਚੀਮਾ, ਸੁਰਿੰਦਰ ਲਾਡੀ, ਕੈਪਟਨ ਲਾਡੀ, ਰਾਏ ਜੁਝਾਰ, ਗੋਰਾ ਚੱਕਵਾਲਾ, ਸੁਖਵਿੰਦਰ ਪੰਛੀ, ਕੇਐੱਸ ਮੱਖਣ, ਭੁਪਿੰਦਰ ਗਿੱਲ, ਪਾਲੀ ਦੇਤਵਾਲੀਆ, ਐੱਸ ਗੁਰਦੀਪ, ਹਰਵਿੰਦਰ ਟਾਂਡੀ, ਗੁਰਵਿੰਦਾਰ ਪੱਡਾ, ਗੋਗੀ ਬੈਂਸ, ਸੁਦੇਸ਼ ਕੁਮਾਰੀ, ਅੰਮ੍ਰਿਤਾ ਵਿਰਕ, ਅਨਮੋਲ ਵਿਰਕ, ਪ੍ਰਵੀਨ ਭਾਰਟਾ, ਪ੍ਰਿਆ ਨਿੱਝਰ, ਨਰਿੰਦਰ ਮਾਵੀ, ਮਨਪ੍ਰੀਤ ਰੂਬੀ, ਪ੍ਰੀਤਮ ਕੌਰ, ਬੀਬਾ ਜਸਵੰਤ, ਭਿੰਦਾ ਜੱਟ, ਹਰਭਜਨ ਸ਼ੇਰਾ, ਕੁਲਤਾਰ ਬਾਜਵਾ, ਬਿੱਲ ਸਿੰਘ,ਯੁਧਵੀਰ ਮਾਣਕ, ਪ੍ਰਗਟ ਖਾਨ, ਸੁਰਜੀਤ ਖਾਨ, ਮਨਹੀਰ, ਬਲਵੀਰ ਕਮਲ, ਜੀਤਾ ਜਾਨੀ, ਦਲਵਿੰਦਰ ਦਿਆਲਪੁਰੀ, ਅਮਨ ਢੱਟ, ਹਰਮਿੰਦਰ ਨੂਰੀ, ਜਸਵੰ ਨਗੀਨਾ, ਗੁਰਮੀਤ ਗੈਰੀ, ਬਲਵੀਰ ਤੱਖੀ, ਮਨਜੀਤ ਧਾਮੀ, ਰਵਿੰਦਰ ਰਮਤਾ, ਬੱਬਲੂ ਗੁਮਾਨ, ਜਗਦੇਵ ਜੰਮੂ, ਬਲਬੀਰ ਬੀਰਾ, ਸਬਰ ਅਲੀ, ਦਲਜੀਤ ਮੱਟੂ, ਹਰਜੀਤ ਸਿਤਾਰਾ, ਸਿੱਕੀ ਸੈਣੀ, ਹਰਨਾਮ ਜੋਗੀ, ਭਾਈ ਦਿਆਲ ਸਿੰਘ ਸੋਢੀ, ਬਾਬਾ ਗੁਰਦਿਆਲ ਸਿੰਘ ਸਮੇਤ ਹੋਰ ਕਈ ਗਾਇਕ-ਗਾਇਕਾਵਾਂ ਨੇ ਗਾਏ.

ਕੁੱਝ ਨਵਾਂ ਦੱਸੋ ?
ਹੁਣੇ ਜਿਹੇ ਪੰਜਾਬੀ ਗਾਇਕ ਬਲਵੀਰ ਕਮਲ ਦੀ ਧਾਰਮਿਕ ਕੈਸਿਟ ਤੇਰੀ ਧੰਨ ਕੁਰਬਾਨੀ ਦਾ ਕੰਮ ਪੂਰਾ ਕੀਤਾ ਹੈ, ਜਿਸਨੂੰ ਮਿਊਜ਼ਿਕ ਕੰਪਨੀ ਟੀ ਸੀਰੀਜ ਵੱਲੋਂ ਰਿਲੀਜ ਕੀਤਾ ਗਿਆ. ਇਸਦੇ ਇਲਾਵਾ ਦਲਵਿੰਦਰ ਦਿਆਲਪੁਰੀ ਦੀ ਪੰਜਾਬੀ ਸੱਭਿਆਚਾਰਕ ਕੈਸਿਟ 'ਭੜ੍ਹਥੂ' ਦੇ ਲਈ ਇੱਕ ਗੀਤ 'ਭਾਗਾਂ ਵਾਲਿਆਂ ਦੇ ਕਾਰਜ ਹੋ ਗਏ ਪੂਰੇ' ਲਿਖਿਆ ਹੈ ਜਦਕਿ ਇਸਦੇ ਬਾਅਦ ਲਹਿੰਬਰ ਹੁਸੈਨਪੁਰੀ ਦੀ 'ਸੰਭਲੋ ਸਿੰਘੋ' ਕੈਸਿਟ ਦੇ ਲਈ ਗੀਤ ਲਿਖੇ. ਇਸ ਕੈਸਿਟ ਦੇ ਵਿੱਚ ਟਾਈਟਲ ਸਮੇਤ ਪੰਜ ਗੀਤ ਮੇਰੇ ਹਨ ਜਦਕਿ ਉਹਨਾਂ ਦੀ ਇੱਕ ਸੱਭਿਆਚਾਰਕ ਅਨਾਮ ਕੈਸਿਟ ਦੇ ਲਈ ਇੱਕ ਗੀਤ 'ਖੁੱਲ੍ਹੇ ਬੂਹੇ ਮਿੱਤਰਾਂ ਦੇ' ਲਿਖਿਆ ਹੈ. ਇਹਨਾਂ ਤੋਂ ਬਿਨ੍ਹਾਂ ਹਰਮਿੰਦਰ ਨੂਰਪੁਰੀ ਦੀ ਅਗਲੀ ਪੰਜਾਬੀ ਅਨਾਮ ਕੈਸਿਟ ਦੇ ਵਿੱਚ ਦੋ ਨੱਚ ਟੱਪਣ ਵਾਲੇ ਗੀਤ 'ਅੱਖ ਕਿਤੇ ਲੜ ਗਈ ਲੱਗਦੀ ਐ' ਅਤੇ 'ਹੁਣ ਨਾ ਮਹਿਫਲ ਜੁੜ੍ਹਦੀ ਦੇ, ਮੇਰੇ ਪਿੰਡ ਦੀਆਂ ਸਾਥਾਂ ਤੇ' ਸੁਣਨ ਨੂੰ ਮਿਲਣਗੇ ਅਤੇ ਮਾਸਟਰ ਸਲੀਮ ਦੀ ਅਗਲੀ ਧਾਰਮਿਕ ਕੈਸਿਟ 'ਸਿੰਘ ਜੈਕਾਰੇ ਬੋਲਦੇ' ਦੇ ਲਈ ਕੁੱਝ ਗੀਤ ਲਿਖੇ ਹਨ.

ਸਭ ਤੋਂ ਜਿਆਦਾ ਤੁਸੀਂ ਧਾਰਮਿਕ ਗੀਤ ਲਿਖੇ, ਇਸ ਪਿੱਛੇ ਕੋਈ ਖਾਸ ਗੱਲ ?
ਹਾਂ, ਸਭ ਤੋਂ ਜਿਆਦਾ ਧਾਰਮਿਕ ਗੀਤ ਸ਼ਾਇਦ ਮੇਰੀ ਕਲਮ ਦੇ ਵਿੱਚੋਂ ਹੀ ਨਿਕਲੇ ਹੋਣਗੇ. ਜਿੱਥੇ ਤੱਕ ਇਹਨਾਂ ਦੇ ਲਿਖਣ ਦਾ ਸੁਆਲ ਹੈ ਤਾਂ ਮੈਂ ਮੰਨਦਾ ਹਾਂ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਕੌਮ ਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ. ਅਜਿਹੇ ਵਿੱਚ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਬਾਰੇ ਕੁੱਝ ਲਿਖੀਏ. ਇਸਦੇ ਇਲਾਵਾ ਮੇਰੇ ਲਈ ਸਭ ਤੋਂ ਮਾਣ ਦੀ ਗੱਲ ਇਹ ਹੈ ਕਿ ਮੇਰੇ ਗੀਤਾਂ ਦੇ ਰਾਹੀਂ ਲੋਕ ਆਪਣੇ ਵਿਰਸੇ ਨਾਲ ਜੁੜ੍ਹਦੇ ਹਨ ਅਤੇ ਮੇਰੇ ਲਿਖੇ ਗੀਤ ਪਰਿਵਾਰ ਦੇ ਵਿੱਚ ਬੈਠਕੇ ਵੀ ਸੁਣੇ ਜਾ ਸਕਦੇ ਹਨ.

ਪ੍ਰਤਿਕਿਰਿਆ

Re: ਕਲਮ ਦਾ ਬਾਦਸ਼ਾਹ ਓਹੜਪੁਰੀ
ਜਿਹਨਾਂ ਚਿਰ ਤੁਹਾਡੇ ਜਿਹੇ ਗੀਤਕਾਰ ਹਨ, ਤਦ ਤੱਕ ਪੰਜਾਬੀ ਮਾਂ ਬੋਲੀ ਚੜ੍ਹਦੀ ਕਲਾ 'ਚ ਰਹੇਗੀ.
Re: ਕਲਮ ਦਾ ਬਾਦਸ਼ਾਹ ਓਹੜਪੁਰੀ
ਗੀਤਕਾਰ ਅਤੇ ਦਰਿਆ ਦੇ ਵਿੱਚ ਮੈਨੂੰ ਕੋਈ ਬਹੁਤ ਅੰਤਰ ਨਹੀਂ ਜਾਪਦਾ, ਜਿਵੇਂ ਕਿਸਾਨ ਦਰਿਆ ਦੇ ਪਾਣੀ ਨਾਲ ਆਪਣੇ ਖੇਤਾਂ ਦੀ ਸਿੰਚਾਈ ਕਰਕੇ ਫਸਲ ਉਗਾਉਂਦੇ ਹਨ ਅਤੇ ਫਿਰ ਉਹ ਅਨਾਜ ਲੋਕਾਂ ਤੱਕ ਪਹੁੰਚਕੇ ਉਹਨਾਂ ਦੀ ਭੁੱਖ ਮਿਟਾਉਂਦਾ ਹੈ. ਉਸ ਤਰ੍ਹਾਂ ਦੀ ਗੀਤਕਾਰ ਦਾ ਗੀਤ ਰੂਪ ਪਾਣੀ ਦਾ ਇਸਤੇਮਾਲ ਗਾਇਕ ਕਰਦੇ ਹਨ ਅਤੇ ਇਸ ਤੋਂ ਪੈਦਾ ਹੋਏ ਸੰਗੀਤ ਦੇ ਨਾਲ ਸੰਗੀਤਕ ਪ੍ਰੇਮੀ ਆਪਣੀ ਭੁੱਖ ਮਿਟਾਉਂਦੇ ਹਨ. ਅਜਿਹਾ ਹੀ ਇੱਕ ਗੀਤਾਂ ਦਾ ਵੱਗਦਾ ਦਰਿਆ ਹੈ ਹਰਵਿੰਦਰ ਓਹੜ੍ਹਪੁਰੀ.
ਅਸਵੀਕਰਨ