ਪਿਛਲੀਆਂ ਵਿਧਾਨ ਸਭਾ ਚੌਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੱਥੋਂ ਬੁਰੀ ਤਰ੍ਹਾਂ ਹਾਰਕੇ ਸੱਤਾ ਤੋਂ ਹੱਟੀ ਕਾਂਗਰਸ ਪਾਰਟੀ ਦੀ ਹਾਈਕਮਾਨ ਨੇ ਹੁਣ ਲੋਕ ਸਭਾ ਚੌਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਕਾਂਗਰਸ ਦੇ ਵਿੱਚ ਜਾਨ ਪਾਉਣ ਦੇ ਲਈ ਯੁਵਾ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਇਸਤੇਮਾਲ ਕਰਨ ਦੀ ਯੋਜਨਾ ਤਿਆਰ ਕਰ ਲਈ ਹੈ. ਕਾਂਗਰਸ ਹਾਈਕਮਾਨ ਉੱਤਰ ਪ੍ਰਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੇ ਲਈ ਚੋਣ ਪ੍ਰਚਾਰ ਕਰ ਚੁੱਕੇ 38 ਸਾਲਾ ਸਾਂਸਦ ਰਾਹੁਲ ਗਾਂਧੀ ਨੂੰ ਹੁਣ ਪੰਜਾਬ ਦੌਰੇ ਉੱਤੇ ਭੇਜ ਰਹੀ ਹੈ, ਤਾਂ ਕਿ ਪੰਜਾਬ ਅੰਦਰ ਖ਼ਤਮ ਹੋ ਰਹੀ ਕਾਂਗਰਸ ਪਾਰਟੀ ਨੂੰ ਸ਼ਾਖ ਨੂੰ ਬਚਾਇਆ ਜਾ ਸਕੇ.
ਯਾਦ ਰਹੇ ਕਿ ਪੰਜਾਬ ਵਿੱਚ ਹੋਈਆਂ ਪਿਛਲੀਆਂ ਵਿਧਾਨ ਸਭਾ ਦੀਆਂ ਚੌਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਕਾਂਗ਼ਰਸੀ ਆਗੂਆਂ ਨੇ ਸੋਨੀਆ ਗਾਂਧੀ ਨੂੰ ਬੇਨਤੀ ਕੀਤੀ ਸੀ ਕਿ ਉਹ ਪੰਜਾਬ ਦੇ ਵਿੱਚ ਚੌਣ ਪ੍ਰਚਾਰ ਦੇ ਲਈ ਰਾਹੁਲ ਗਾਂਧੀ ਨੂੰ ਭੇਜਣ, ਪਰੰਤੂ ਉਸ ਵੇਲੇ ਵਧੇਰੇ ਕੰਮ ਦੀ ਓਟ ਲੈਕੇ ਰਾਹੁਲ ਗਾਂਧੀ ਨੇ ਪੰਜਾਬ ਦੌਰੇ ਉੱਤੇ ਆਉਣ ਦੇ ਲਈ ਸਖ਼ਤ ਇਤਰਾਜ ਪ੍ਰਗਟ ਕੀਤਾ ਸੀ. ਜਿਸਦੇ ਬਾਅਦ ਪੰਜਾਬ ਵਿੱਚ ਚੋਣ ਪ੍ਰਚਾਰ ਦੇ ਲਈ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਆਏ ਸਨ, ਜੋ ਕਾਂਗਰਸ ਪਾਰਟੀ ਨੂੰ ਜਿੱਤ ਦਰਜ ਕਰਵਾਉਣ ਦੇ ਵਿੱਚ ਅਸਫ਼ਲ ਸਾਬਿਤ ਹੋਏ.
ਸ਼ਾਇਦ ਉਸ ਹਾਰ ਨੂੰ ਵੇਖਦੇ ਹੋਏ ਕਾਂਗਰਸ ਪਾਰਟੀ ਨੇ ਸੋਚਿਆ ਕਿ ਇਸ ਵਾਰ ਰਾਹੁਲ ਗਾਂਧੀ ਨੂੰ ਹੀ ਪੰਜਾਬ ਭੇਜਿਆ ਜਾਵੇ. ਕਿਉਂਕਿ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਇਲਾਕਿਆਂ ਵਿੱਚ ਜਨ ਸੰਪਰਕ ਅਭਿਆਨ ਦੇ ਤਹਿਤ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਕੇ ਉਹਨਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਅਤੇ ਉੱਥੇ ਹੀ ਰਾਹੁਲ ਵੱਧਦੀ ਇਸ ਲੋਕਪ੍ਰਿਅਤਾ ਨੂੰ ਵੇਖਦੇ ਹੋਏ ਵਿਰੋਧੀਆਂ ਨੇ ਰਾਹੁਲ ਗਾਂਧੀ ਉੱਤੇ ਕਈ ਬਿਆਨ ਦਾਗੇ, ਪਰੰਤੂ ਰਾਹੁਲ ਗਾਂਧੀ ਬਿੰਦਾਸ ਅਤੇ ਬੇਫ਼ਿਕਰ ਅੱਗੇ ਵੱਧਦੇ ਗਏ.
ਇਸ ਲਈ ਹੁਣ ਲੋਕ ਸਭਾ ਚੌਣਾਂ ਨੂੰ ਵੇਖਦੇ ਹੋਏ ਹਾਈਕਮਾਨ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਵੀ ਰਾਹੁਲ ਜਾਵੇ ਅਤੇ ਉੱਥੇ ਟੁਕੜੇ ਟੁਕੜੇ ਹੋਈ ਕਾਂਗ਼ਰਸ ਪਾਰਟੀ ਨੂੰ ਨਵੇਂ ਸਿਰੇ ਤੋਂ ਇੱਕ ਡੋਰੀ ਵਿੱਚ ਪਰੋਵੇ. ਅਜਿਹੇ ਵੇਲੇ ਰਾਹੁਲ ਕਿਵੇਂ ਜੁਆਬ ਦੇ ਸਕਦਾ ਹੈ ਕਿਉਂਕਿ ਰਾਹੁਲ ਜਾਣਦੇ ਹਨ ਕਿ ਸੂਬੇ ਦੀਆਂ ਚੌਣ ਵਿੱਚ ਬੇਸ਼ੱਕ ਉਹਨਾਂ ਦੇ ਜਾਣ ਨਾਲ ਕੇਂਦਰੀ ਸੱਤਾ ਨੂੰ ਕੋਈ ਜਿਆਦਾ ਫ਼ਰਕ ਨਹੀਂ ਪਿਆ, ਪਰੰਤੂ ਜੇਕਰ ਉਹ ਲੋਕ ਸਭਾ ਚੌਣਾਂ ਵੇਲੇ ਵੀ ਪੰਜਾਬ ਨਹੀਂ ਜਾਂਦੇ ਤਾਂ ਉਹਨਾਂ ਦੀ ਪਾਰਟੀ ਕੇਂਦਰੀ ਸੱਤਾ ਤੋਂ ਗਾਇਬ ਹੋ ਸਕਦੀ ਹੈ. ਹੁਣ ਮਰਦੇ ਨੂੰ ਅੱਕ ਚੱਬਣਾ ਹੀ ਪਵੇਗਾ.
ਪਿਛਲੀਆਂ ਵਿਧਾਨ ਸਭਾ ਚੌਣਾਂ ਦੇ ਵਿੱਚ ਕੈਪਟਨ ਨੇ ਆਪਣੇ ਪੁੱਤਰ ਨੂੰ ਚੌਣ ਪ੍ਰਚਾਰ ਦੇ ਲਈ ਉਤਾਰਿਆ ਸੀ, ਪਰੰਤੂ ਉਹਨਾਂ ਦੇ ਕੋਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਦੇ ਲਈ ਕੋਈ ਮੂਲ ਮੰਤਰ ਨਹੀਂ ਸਨ. ਉਸਦੀ ਤੁਲਨਾ ਵਿੱਚ ਰਾਹੁਲ ਕਿਤੇ ਜਿਆਦਾ ਬਿਹਤਰ ਹੈ ਅਤੇ ਰਾਹੁਲ ਨੂੰ ਉਹ ਸਾਰੇ ਦਾਅਪੇਚ ਆਉਂਦੇ ਹਨ, ਜੋ ਕਿ ਇੱਕ ਸੂਝਵਾਨ ਰਾਜਨੇਤਾ ਕੋਲ ਹੁੰਦੇ ਹਨ. ਇਤਨਾ ਹੀ ਨਹੀਂ ਇਸ ਵਾਰ ਕਾਂਗਰਸ ਦੀ ਨਜਰ ਮਾਲਵਾ ਖੇਤਰ ਉੱਤੇ ਟਿਕੀ ਹੋਈ ਹੈ, ਵਿਸ਼ੇਸ਼ਕਰ ਬਠਿੰਡਾ ਅਤੇ ਉਸਦੇ ਆਲੇ ਦੁਆਲੇ ਦੇ ਖੇਤਰ ਉੱਤੇ ਕਿਉਂਕਿ ਇਹ ਬਾਦਲ ਦਾ ਗੜ੍ਹ ਹੈ ਅਤੇ ਇਸ ਖੇਤਰ ਵਿੱਚ ਬਾਦਲ ਦਾ ਸਾਹਿਬ ਹੋਰਾਂ ਦਾ ਘਰ ਵੀ ਹੈ.
ਜੇਕਰ ਕਾਂਗਰਸ ਪਾਰਟੀ ਮਾਲਵਾ ਖੇਤਰ ਦੇ ਅਧੀਨ ਆਉਂਦੇ ਅੱਠ ਜਿਲ੍ਹਿਆਂ ਵਿੱਚ ਆਪਣੀ ਪੈਠ ਬਣਾ ਲੈਂਦੀ ਹੈ ਤਾਂ ਕਾਂਗਰਸ ਅਗਲੀ ਵਿਧਾਨ ਸਭਾ ਚੌਣ ਵਿੱਚ ਵੀ ਜਿੱਤ ਹਾਸਲ ਕਰ ਸਕਦੀ ਹੈ. ਰਾਹੁਲ ਆਪਣੇ ਤਿੰਨ ਚਾਰ ਦਿਨਾ ਦੌਰੇ ਦੇ ਦੌਰਾਨ ਪੰਜਾਬ ਦੇ ਜਿਲ੍ਹਿਆਂ ਦਾ ਦੌਰਾ ਤਾਂ ਕਰਨਗੇ ਹੀ ਇਸਦੇ ਨਾਲ ਹੀ ਉਹ 22 ਤਾਰੀਖ ਨੂੰ ਬਠਿੰਡਾ ਵਿੱਚ ਆਯੋਜਿਤ ਹੋਣ ਵਾਲੀ ਯੁਵਾ ਰੈਲੀ ਨੂੰ ਵੀ ਸੰਬੋਧਿਤ ਕਰਨਗੇ. ਕਾਂਗਰਸ ਪਾਰਟੀ ਨਾਲ ਜੁੜ੍ਹੇ ਸੂਤਰਾਂ ਦੇ ਮੁਤਾਬਕ ਰਾਹੁਲ ਗਾਂਧੀ ਦੇ ਬਠਿੰਡਾ ਵਿਖੇ ਹੋਣ ਵਾਲੀ ਰੈਲੀ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦੇ ਨਾਲ ਜੁੜ੍ਹਣ ਦੇ ਲਈ ਪ੍ਰੇਰਿਤ ਕਰੇਗੀ ਕਿਉਂਕਿ ਅਕਾਲੀ ਅਤੇ ਭਾਜਪਾ ਦੀ ਜਿੱਤ ਦੇ ਵਿੱਚ ਨੌਜਵਾਨ ਪੀੜ੍ਹੀ ਦਾ ਅਹਿਮ ਰੋਲ ਰਿਹਾ ਹੈ. ਜਿੱਥੇ ਅਕਾਲੀ ਦਲ ਦੀ ਯੁਵਾ ਪੀੜ੍ਹੀ ਦੀ ਅਗਵਾਈ ਸੁਖ਼ਬੀਰ ਬਾਦਲ ਕਰਦਾ ਹੈ, ਉੱਥੇ ਹੀ ਭਾਜਪਾ ਦੇ ਕੋਲ ਨਵਜੋਤ ਸਿੰਘ ਸਿੱਧੂ ਵਰਗੇ ਨੌਜਵਾਨ ਨੇਤਾ ਹਨ, ਜਿਨ੍ਹਾਂ ਦੀ ਬੋਲਣੀ ਚੰਗੇ ਚੰਗੇ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ.
ਇਸਦੇ ਇਲਾਵਾ ਭਾਰਤੀ ਜਨਤਾ ਪਾਰਟੀ ਨੂੰ ਮਜਬੂਤ ਬਣਾਉਣ ਦੇ ਲਈ ਭਾਰਤੀਯ ਯੁਵਾ ਮੋਰਚਾ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ. ਅੱਜ ਦੀ ਨੌਜਵਾਨ ਪੀੜ੍ਹੀ ਨੌਜਵਾਨ ਨੇਤਾਵਾਂ ਨੂੰ ਸੁਣਨ ਵਧੇਰੇ ਪਸੰਦ ਕਰਦੀ ਹੈ ਕਿਉਂਕਿ ਨੌਜਵਾਨ ਪੀੜ੍ਹੀ ਜੋ ਬੋਲਦੀ ਹੈ ਉਸਦਾ 80 ਫੀਸਦੀ ਤਾਂ ਉਹ ਕਰਕੇ ਵੀ ਵਿਖਾਉਂਦੀ ਹੈ, ਜਦੋਂਕਿ ਪੁਰਾਣੇ ਅਤੇ ਬੁਜ਼ੁਰਗ ਨੇਤਾ ਜੋ ਬੋਲਦੇ ਹਨ ਉਹ ਉਸਦਾ ਵੀਹ ਫੀਸਦੀ ਵੀ ਕਰ ਨਹੀਂ ਪਾਉਂਦੇ. ਰਾਹੁਲ ਗਾਂਧੀ ਪੰਜਾਬ ਕਾਂਗਰਸ ਪਾਰਟੀ ਦੇ ਲਈ ਮਸੀਹੇ ਦਾ ਕੰਮ ਕਰਨਗੇ, ਉਹ ਪੰਜਾਬ ਕਾਂਗਰਸ ਦੀ ਡੁੱਬਦੀ ਹੋਈ ਬੇੜੀ ਨੂੰ ਪੱਤਣ ਵੱਲ ਲੈਕੇ ਜਾ ਸਕਦਾ ਹੈ. ਇਸ ਨੌਜਵਾਨ ਨੇਤਾ ਦਾ ਪੰਜਾਬ ਦੌਰਾ ਆਪਣੇ ਆਪ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ.
ਕੁਲਵੰਤ ਹੈਪੀ
ਬਠਿੰਡਾ
99935-98986
ਲੋਡ ਹੋ ਰਿਹਾ ਹੈ...