Welcome, Guest   [ Register | Sign In | Take a tour | Adult Filter: On ]

ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ..

'ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ..ਹੁਸਨ ਓ ਦੀਵਾਨੀ ਕਿੱਧਰ ਜਾ ਰਹੀ ਹੈ, ਰੋਕੋ ਓ ਰੋਕੋ ਮੇਰੇ ਰਹਿਨੁਮਾਓ ਇਹ ਕਸਮਾਂ ਖਾਣੀ ਕਿੱਧਰ ਜਾ ਰਹੀ ਹੈ...' ਇਹ ਉਪਰੋਕਤ ਕੁੱਝ ਲਾਈਨਾਂ ਪੰਜਾਬੀ ਮਾਂ ਬੋਲੀ ਦੇ ਲਾਡਲੇ ਅਤੇ ਸਿਰਕੱਢਵੇਂ ਗਾਇਕ ਗੁਰਦਾਸ ਮਾਨ ਦੇ ਗੀਤ ਦੀਆਂ ਹਨ. ਗਿੱਦੜਬਾਹੇ ਦੇ ਜੰਮਪਲ ਮਾਨ ਮਰਜਾਣੇ ਨੇ ਤਾਂ ਇਹਨਾਂ ਲਾਈਨਾਂ ਦੇ ਵਿੱਚ ਪੰਜਾਬ ਦੇ ਵਿਗੜ੍ਹਦੇ ਹੋਏ ਹਾਲਾਤਾਂ ਦੀ ਤਸਵੀਰ ਨੂੰ ਉਜਾਗਰ ਕੀਤਾ ਸੀ, ਪਰੰਤੂ ਕੁੱਝ ਦਿਨ ਪਹਿਲਾਂ ਪੰਜਾਬ ਦੇ ਸ਼ਹਿਰ ਪਟਿਆਲਾ ਅਤੇ ਅੰਮ੍ਰਿਤਸਰ ਦੇ ਵਿੱਚ ਵਾਪਰੀਆਂ ਘਟਨਾਵਾਂ ਨੇ ਉਸਨੂੰ ਹੂਬਹੂ ਸੱਚ ਦੀ ਸ਼ਕਲ ਦੇਕੇ ਸ਼ਰਮਿੰਦਾ ਹੋਣ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਸੋਚਣ ਉੱਤੇ ਮਜ਼ਬੂਰ ਕਰ ਦਿੱਤਾ ਹੈ.

ਕੁੱਝ ਸਮਾਂ ਪਹਿਲਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਚਰਚਾ ਹੁੰਦੀ ਸੀ, ਪਰੰਤੂ ਹੁਣ ਇਸ ਪਨੀਰੀ ਨੂੰ ਐਸ਼ਪੁਣੇ ਅਤੇ ਜਿਸਮ ਫਰੋਸ਼ੀ ਤੋਂ ਬਚਾਉਣ ਦੀ ਜ਼ਰੂਰਤ ਹੈ. ਜੇਕਰ ਇਸ ਨਵੀਂ ਪਨੀਰੀ ਉੱਤੇ ਨੱਥ ਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਹੋਏ ਕਾਂਡ ਆਮ ਹੋ ਜਾਣਗੇ ਅਤੇ ਪੰਜਾਬ ਦੀ ਤਸਵੀਰ ਦੁਨੀਆ ਭਰ ਵਿੱਚ ਬਦਲ ਜਾਵੇਗੀ. ਜਿੱਥੇ ਲੋਕ ਅੱਜ ਪੰਜਾਬ ਨੂੰ ਮਹਿਮਾਨ-ਨਿਵਾਜੀ ਅਤੇ ਖੁੱਲ੍ਹੇ ਠੁੱਲ੍ਹੇ ਸੁਭਾਅ ਦੇ ਲੋਕਾਂ ਕਰਕੇ ਜਾਣਿਆ ਜਾਂਦਾ ਹੈ.

ਸ਼ਾਇਦ ਫਿਰ ਉਸੇ ਪੰਜਾਬ ਨੂੰ ਅੰਮ੍ਰਿਤਸਰ ਅਤੇ ਪਟਿਆਲਾ ਜਿਹੇ ਕਾਂਡ ਕਰਕੇ ਜਾਣਿਆ ਜਾਵੇਗਾ. ਅਜਿਹਾ ਨਹੀਂ ਕਿ ਕੁੱਝ ਲੜਕੇ ਲੜਕਿਆਂ ਨੂੰ ਪਹਿਲੀ ਵਾਰ ਪੰਜਾਬ ਪੁਲਿਸ ਨੇ ਸਰੇਆਮ ਇਤਰਾਜਜਨਕ ਹਾਲਤ ਵਿੱਚ ਪਕੜ੍ਹਿਆ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀ ਘਟਨਾਵਾਂ ਸਾਹਮਣੇ ਆਈਆਂ ਪਰੰਤੂ ਉਹਨਾਂ ਦੇ ਪਿੱਛੇ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੀਆਂ ਔਰਤਾਂ ਹੁੰਦੀਆਂ ਸਨ, ਪਰੰਤੂ ਪਟਿਆਲਾ ਦੇ ਹੋਟਲ ਅਤੇ ਅੰਮ੍ਰਿਤਸਰ ਦੇ ਸਿਨੇਮਾ ਹਾਲ ਵਿੱਚ ਹੋਈਆਂ ਘਟਨਾਵਾਂ ਦੇ ਵਿੱਚ ਸ਼ਾਮਲ ਨੌਜਵਾਨ ਪੀੜ੍ਹੀ ਅਤੇ ਪੜ੍ਹੇ ਲਿਖੇ ਨੌਜਵਾਨ ਲੜਕੇ ਲੜਕੀਆਂ ਸਨ. ਬੇਸ਼ੱਕ ਦੋਵੇਂ ਹੀ ਮਾਮਲੇ ਰਫ਼ਾ ਦਫ਼ਾ ਹੋ ਗਏ, ਪਰੰਤੂ ਇਹਨਾਂ ਮਾਮਲਿਆਂ ਦੇ ਚੱਲਦੇ ਧੁੰਦਲੀ ਹੋਈ ਪੰਜਾਬ ਦੀ ਤਸਵੀਰ ਨੂੰ ਜੇਕਰ ਲੁਪਤ ਹੋਣ ਤੋਂ ਰੋਕਣਾ ਹੈ ਤਾਂ ਘਰ ਦੇ ਆਗੂਆਂ ਨੂੰ ਸਾਵਧਾਨ ਹੋਣਾ ਹੋਵੇਗਾ.

ਇਤਨਾ ਹੀ ਨਹੀਂ ਇਹਨਾਂ ਘਟਨਾਵਾਂ ਨੇ ਇੱਕ ਹੋਰ ਗੱਲ ਉਜਾਗਰ ਕੀਤੀ ਹੈ ਕਿ ਪੰਜਾਬ ਦੇ ਵੱਡੇ ਸ਼ਹਿਰ ਵਿੱਚ ਰਹਿ ਰਹੇ ਪੇਸ਼ਾਵਰ ਲੋਕ ਵੀ ਹੁਣ ਆਪਣੇ ਬੱਚਿਆਂ ਨੂੰ ਜਿਆਦਾ ਸਮਾਂ ਨਹੀਂ ਦੇ ਪਾ ਰਹੇ, ਜਿਸਦੇ ਕਾਰਣ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਦੇ ਧੀ ਪੁੱਤ ਕੀ ਕਰ ਰਹੇ ਹਨ. ਉਹਨਾਂ ਨੂੰ ਤਾਂ ਉਸ ਵੇਲੇ ਪਤਾ ਚੱਲਦਾ ਹੈ ਜਦੋਂ ਪਟਿਆਲਾ ਅਤੇ ਅੰਮ੍ਰਿਤਸਰ ਵਰਗੇ ਕਾਂਡ ਵਿੱਚ ਉਹਨਾਂ ਦੇ ਬੱਚੇ ਉਹਨਾਂ ਦੇ ਚਿਹਰਿਆਂ ਉੱਤੇ ਕਾਲਖ਼ ਪੋਥ ਰਹੇ ਹੁੰਦੇ ਹਨ.

ਗੁਰਦਾਸ ਨੇ ਤਾਂ ਸੱਚ ਨੂੰ ਬਹੁਤ ਪਹਿਲਾਂ ਆਪਣੇ ਗੀਤ ਦੇ ਰਾਹੀਂ ਲੋਕਾਂ ਦੇ ਸਨਮੁੱਖ ਰੱਖ ਦਿੱਤਾ ਸੀ, ਪਰੰਤੂ ਕਿਸੇ ਨੇ ਉਸ ਗੱਲ ਨੂੰ ਗੰਭੀਰਤਾ ਦੇ ਨਾਲ ਲਿਆ ਹੀ ਨਹੀਂ. ਜੇਕਰ ਇਹਨਾਂ ਘਟਨਾਵਾਂ ਦੇ ਬਾਅਦ ਵਿੱਚ ਸ਼ਹਿਰੀ ਪੇਸ਼ਾਵਰ ਲੋਕ ਸਾਵਧਾਨ ਨਹੀਂ ਹੁੰਦੇ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਘਟਨਾਵਾਂ ਆਮ ਹੋ ਜਾਣਗੀਆਂ. ਕੁੱਝ ਦਿਨ ਪਟਿਆਲਾ ਦੇ ਇੱਕ ਹੋਟਲ ਵਿੱਚ ਚੱਲ ਰਹੀ ਸ਼ਰਮਸਾਰ ਕਰਨ ਵਾਲੀ ਪਾਰਟੀ ਉੱਤੇ ਪਈ ਪੁਲਿਸ ਰੇਡ ਦਾ ਸਿੱਧਾ ਪ੍ਰਸਾਰਣ ਜਿਸ ਵੇਲੇ ਟੀਵੀ ਚੈਨਲਾਂ ਉੱਤੇ ਕੀਤਾ ਜਾ ਰਿਹਾ ਸੀ, ਉਸ ਵੇਲੇ ਪੰਜਾਬੋਂ ਦੂਰ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੇ ਵਿਗੜ੍ਹਦੇ ਹੋਏ ਹਾਲਾਤ ਵੇਖਕੇ ਸ਼ਰਮ ਆ ਰਹੀ ਸੀ. ਪੰਜਾਬੀਅਤ ਦਾ ਸਿਰ ਸਦਾ ਉੱਚਾ ਰਹੇ, ਇਸਦੇ ਲਈ ਸਾਨੂੰ ਤਿਆਰ ਹੋਣਾ ਪਵੇਗਾ ਅਤੇ ਰਾਸਤੇ ਤੋਂ ਭਟਕ ਰਹੀ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਰਾਸਤੇ ਉੱਤੇ ਲਿਆਉਣ ਦੇ ਲਈ ਅਣਥੱਕ ਯਤਨ ਕਰਨੇ ਹੋਣਗੇ.

ਕੁਲਵੰਤ ਹੈਪੀ
ਉਪ ਸੰਪਾਦਕ, ਵੈਬਦੁਨੀਆ ਡੌਟ ਕੌਮ
+9199935-98986
ਅਸਵੀਕਰਨ