ਨਿਰਮਾਤਾ : ਵਿਜੇਤਾ ਫਿਲਮਜ਼
ਨਿਰਦੇਸ਼ਕ : ਕਬੀਰ ਕੌਸ਼ਿਕ
ਸੰਗੀਤ : ਮੋਂਟੀ
ਕਲਾਕਾਰ : ਬੌਬੀ ਦਿਓਲ, ਪ੍ਰਿਅੰਕਾ ਚੋਪੜਾ, ਰਿਤੇਸ਼ ਦੇਸ਼ਮੁੱਖ, ਡੈਨੀ, ਇਰਫਾਨ ਖਾਨ, ਆਰਿਆ ਬੱਬਰ, ਰਾਜਪਾਲ ਯਾਦਵ.
ਪੂਰਬਾਂਚਲ ਦੇ ਮਾਫੀਆ ਡੌਨ ਦੀ ਕਾਰਜਪ੍ਰਣਾਲੀ ਅਤੇ ਸਪੈਸ਼ਲ ਟਾਸਕ ਫੋਰਸ ਦੇ ਜੀਵਨ ਉੱਤੇ ਆਧਾਰਿਤ ਫਿਲਮ 'ਸਹਰ' ਬਣਾ ਚੁੱਕੇ ਕਬੀਰ ਕੌਸ਼ਿਕ ਦੀ 'ਚਮਕੂ' ਬਤੌਰ ਨਿਰਦੇਸ਼ਕ ਦੂਜੀ ਫਿਲਮ ਹੈ. ਇਸ ਫਿਲਮ ਵਿੱਚ ਉਹਨਾਂ ਨੇ ਬਿਹਾਰ ਦੇ ਇਲਾਕੇ ਵਿੱਚ ਫੈਲੇ ਨਕਸਲਵਾਦ ਅਤੇ ਦੇਸ਼ ਦੇ ਖੁਫੀਆ ਤੰਤਰ ਦੀ ਤਸਵੀਰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ.
ਫਿਲਮ ਚੰਦਰਮਾ ਸਿੰਘ ਤੋਂ ਚਮਕੂ (ਬੌਬੀ ਦਿਓਲ) ਬਣੇ ਨੌਜਵਾਨ ਦੇ ਆਲੇ ਦੁਆਲੇ ਘੁੰਮਦੀ ਹੈ. ਚੰਦਰਮਾ ਸਿੰਘ ਦੇ ਸਾਹਮਣੇ ਉਸਦੇ ਕਿਸਾਨ ਪਿਤਾ ਦੀ ਇੱਕ ਨੇਤਾ ਬੇ-ਰਹਿਮੀ ਦੇ ਨਾਲ ਹੱਤਿਆ ਕਰ ਦਿੰਦਾ ਹੈ, ਇਤਨਾ ਹੀ ਨਹੀਂ ਉਹ ਚੰਦਰਮਾ ਦੇ ਵੀ ਗੋਲੀ ਮਾਰਦਾ ਹੈ, ਪਰੰਤੂ ਖੁਸ਼ਕਿਸਮਤੀ ਦੇ ਨਾਲ ਚੰਦਰਮਾ ਨੂੰ ਨਕਸਲਵਾਦੀ ਉਠਾਕੇ ਆਪਣੇ ਕੈਂਪ ਵਿੱਚ ਲੈ ਜਾਂਦੇ ਹਨ ਅਤੇ ਉਸਦਾ ਇਲਾਜ ਕਰਦੇ ਹਨ. ਨਕਸਲਵਾਦੀਆਂ ਦੇ ਵਿੱਚ ਪਹੁੰਚਕੇ ਚੰਦਰਮਾ ਸਿੰਘ 'ਚਮਕੂ' ਬਣ ਜਾਂਦਾ ਹੈ.
ਹੋਲੀ ਦੇ ਬਾਅਦ ਪੁਲਿਸ ਦੀ ਮੁੱਠਭੇੜ ਵਿੱਚ ਕਈ ਨਕਸਲਵਾਦੀ ਮਾਰੇ ਜਾਂਦੇ ਹਨ, ਪਰੰਤੂ ਚਮਕੂ ਇੱਥੇ ਫਿਰ ਬਚ ਜਾਂਦਾ ਹੈ. ਜਿਸਦੇ ਬਾਅਦ ਚਮਕੂ ਦੇਸ਼ ਦੇ ਖੁਫੀਆ ਤੰਤਰ ਦੇ ਹੱਥ ਲੱਗਦਾ ਹੈ. ਖੁਫੀਆ ਤੰਤਰ ਆਪਣੇ ਮਕਸਦ ਦੇ ਲਈ ਚਮਕੂ ਅਤੇ ਕੁੱਝ ਹੋਰ ਸ਼ਰਾਰਤੀ ਅਨਸਰਾਂ ਨੂੰ ਇੱਕ ਕੈਂਪ ਦੇ ਤਹਿਤ ਸਿਖਲਾਈ ਦੇਕੇ ਸ਼ਾਰਪ ਸ਼ੂਟਰ ਬਣਾਉਂਦਾ ਹੈ. ਜਿਨ੍ਹਾਂ ਦੇ ਰਾਹੀਂ ਉਹ ਕਈ ਨੇਤਾਵਾਂ, ਗੁੰਡਿਆਂ ਦੀ ਹੱਤਿਆ ਕਰਵਾਉਂਦੇ ਹਨ. ਜੇਕਰ ਇਸ ਦੌਰਾਨ ਕੋਈ ਖੁਫੀਆ ਤੰਤਰ ਦਾ ਖਹਿੜਾ ਛੱਡਕੇ ਆਮ ਇਨਸਾਨ ਦੀ ਜਿੰਦਗੀ ਜਿਉਣ ਵਾਲੇ ਸੋਚਦਾ ਹੈ, ਉਸਨੂੰ ਖੁਫੀਆ ਤੰਤਰ ਮੁੱਠਭੇੜ ਵਿੱਚ ਮਾਰ ਸੁੱਟਦਾ ਹੈ.
ਮੁੰਬਈ ਸ਼ਹਿਰ ਦੇ ਵਿੱਚ ਰਹਿ ਰਹੇ ਚਮਕੂ ਦੀ ਮੁਲਾਕਾਤ ਇੱਕ ਕੁੜੀ ਨਾਲ ਹੁੰਦੀ ਹੈ, ਜਿਸਨੂੰ ਉਹ ਪਹਿਲੀ ਨਜਰ ਵਿੱਚ ਦਿਲ ਦੇ ਬੈਠਦਾ ਹੈ. ਉਸਦੇ ਪਿਆਰ ਵਿੱਚ ਪਿਆ ਚਮਕੂ ਚਮਨ ਵਰਮਾ ਬਨਣ ਦੀ ਕੋਸ਼ਿਸ਼ ਕਰਦਾ ਹੈ, ਪਰੰਤੂ ਖੁਫੀਆ ਤੰਤਰ ਇਸਦੀ ਆਗਿਆ ਨਹੀਂ ਦਿੰਦਾ, ਆਪਣੇ ਪਿਤਾ ਦੇ ਹੱਤਿਆਰੇ ਦੀ ਹੱਤਿਆ ਕਰਕੇ ਖੁਫੀਆ ਤੰਤਰ ਦੇ ਸੰਚਾਲਕ ਨੂੰ ਚਮਕੂ ਮਾਰ ਸੁੱਟਦਾ ਹੈ ਅਤੇ ਆਪਣੀ ਪ੍ਰੇਮਿਕਾ ਦੇ ਨਾਲ ਨਵੀਂ ਜਿੰਦਗੀ ਦੀ ਤਲਾਸ਼ ਵਿੱਚ ਨਿਕਲ ਪੈਂਦਾ ਹੈ.
ਫਿਲਮ ਦਾ ਵਿਸ਼ਾ ਵਸੂਤ ਬਹੁਤ ਵਧੀਆ ਹੈ. ਪਰੰਤੂ ਫਿਲਮ ਵਿੱਚ ਸੰਵਾਦ ਵਧੀਆ ਨਹੀਂ ਹੋਣ ਕਾਰਣ ਫਿਲਮ ਦੀ ਕਹਾਣੀ ਬੇਜਾਨ ਜਾਪਦੀ ਹੈ. ਫਿਲਮ ਦਾ ਨਾਇਕ ਬੱਸ ਤਨਾਅ ਭਰਿਆ ਚਿਹਰਾ ਅਤੇ ਡੱਬ 'ਚ ਪਿਸਤੌਲ ਲੈਕੇ ਖੂਨ ਖਰਾਬਾ ਕਰਦਾ ਰਹਿੰਦਾ ਹੈ, ਕਦੇ ਨਕਸਲਵਾਦੀਆਂ ਦੇ ਲਈ ਅਤੇ ਕਦੇ ਖੁਫੀਆ ਤੰਤਰ ਦੇ ਲਈ. ਐਕਸ਼ਨ ਭਰਪੂਰ ਫਿਲਮ ਵਿੱਚ ਪਿਆਰ ਪ੍ਰਸੰਗ ਸ਼ਾਮਲ ਕਰਨ ਦੀ ਕੋਸ਼ਿਸ਼ ਬਿਲਕੁਲ ਅਸਫ਼ਲ ਹੈ. ਫਿਲਮ ਦੇ ਕੁੱਝ ਦ੍ਰਿਸ਼ ਜਰੂਰ ਦਿਲ ਨੂੰ ਖਿੱਚਣ ਵਾਲੇ ਹਨ, ਜਿਵੇਂ ਕਿ ਰਿਤੇਸ਼ ਦੇਸ਼ਮੁੱਖ ਦਾ ਪ੍ਰਵੇਸ਼ ਕਰਨਾ, ਪ੍ਰਿਅੰਕਾ ਚੋਪੜਾ ਅਤੇ ਬੌਬੀ ਦਿਓਲ ਦਾ ਪਹਿਲੀ ਪਹਿਲੀ ਵਾਰ ਮਿਲਣਾ, ਆਰਿਆ ਬੱਬਰ ਦਾ ਫਿਲਮ ਦੇ ਅੰਤ ਸਮੇਂ ਜੋਰਦਾਰ ਹੀਰੋ ਦੇ ਰੂਪ ਵਿੱਚ ਪ੍ਰਵੇਸ਼ ਕਰਨਾ.
ਫਿਲਮ ਵਿੱਚ ਕਈ ਭਾਸ਼ਾਵਾਂ ਦਾ ਮੇਲ ਜੋਲ ਹੈ, ਜਿਵੇਂ ਮਰਾਠੀ, ਬਿਹਾਰੀ, ਇੰਗਲਿਸ਼, ਹਿੰਦੀ ਅਤੇ ਪੰਜਾਬੀ. ਫਿਲਮ ਦੇ ਜਿਆਦਾਤਰ ਸੰਵਾਦ ਜਿੱਥੇ ਇੰਗਲਿਸ਼, ਬਿਹਾਰੀ ਅਤੇ ਮਰਾਠੀ ਵਿੱਚ ਹਨ, ਉੱਥੇ ਹੀ ਫਿਲਮ ਦੇ ਗੀਤ ਪੰਜਾਬੀ ਵਿੱਚ ਹਨ. ਫਿਲਮ ਦੀ ਕਹਾਣੀ ਕਿਤੇ ਕਿਤੇ ਬਹੁਤ ਧੀਮੀ ਅਤੇ ਕਿਤੇ ਕਿਤੇ ਬਹੁਤ ਤੇਜੀ ਨਾਲ ਚੱਲਦੀ ਹੈ. ਫਿਲਮ ਦਾ ਨਿਰਦੇਸ਼ਨ ਬਹੁਤ ਕਮਜੋਰ ਹੈ, ਬੌਬੀ ਦਿਓਲ ਸ਼ੁਰੂ ਤੋਂ ਅੰਤ ਤੱਕ ਇੱਕ ਹਾਵ ਭਾਵ ਵਿੱਚ ਨਜਰ ਆਉਂਦੇ ਹਨ, ਜਦੋਂਕਿ ਪ੍ਰਿਅੰਕਾ ਚੋਪੜਾ ਨੇ ਰੋਲ ਦੇ ਮੁਤਾਬਕ ਬਹੁਤ ਵਧੀਆ ਅਭਿਨੈ ਕੀਤਾ ਹੈ. ਇਸਦੇ ਇਲਾਵਾ ਡੈਨੀ, ਇਰਫਾਨ, ਆਰਿਆ ਬੱਬਰ, ਰਿਤੇਸ਼ ਦੇਸ਼ਮੁੱਖ ਨੇ ਵੀ ਬਹੁਤ ਵਧੀਆ ਰੋਲ ਅਦਾ ਕੀਤਾ ਹੈ. ਕੁੱਲ ਮਿਲਾਕੇ 'ਚਮਕੂ' ਨਿਰਾਸ਼ ਕਰਦਾ ਹੈ.
ਲੋਡ ਹੋ ਰਿਹਾ ਹੈ...