ਤੁਹਾਨੂੰ ਸਟੇਜ 'ਤੇ ਨੱਚਦਿਆਂ ਵੇਖ ਲੋਕ ਗੁਰਦਾਸ ਮਾਨ ਦਾ ਭੁਲੇਖਾ ਖਾਂਦੇ ਹਨ, ਅਜਿਹਾ ਕਿਉਂ?
ਗੁਰਦਾਸ ਮਾਨ! ਉਹ ਵੀ ਮੈਂ. ਨਹੀਂ, ਨਹੀਂ. ਕਿਹੋ ਜਿਹੀ ਗੱਲ ਕਰਦੇ ਹੋ. ਹਾਂ ਏਨੀ ਗੱਲ ਤਾਂ ਜਰੂਰ ਹੈ ਕਿ ਮੈਂ ਗੁਰਦਾਸ ਭਾਜੀ ਹੋਰਨਾਂ ਦੇ ਨਾਲ ਕੁੱਝ ਸਟੇਜ ਸ਼ੋਅ ਕੀਤੇ ਹਨ. ਹੋ ਸਕਦਾ ਹੈ ਕਿ ਉਹਨਾਂ ਦੇ ਨੱਚਣ ਦੇ ਕੁੱਝ ਗੁਣ ਮੇਰੇ ਵਿੱਚ ਵੀ ਆ ਗਏ ਹੋਣਗੇ, ਕਹਿੰਦੇ ਨੇ ਜਿਹੋ ਜਿਹੀ ਸੋਭਤ ਉਹੋ ਜਿਹੀ ਰੰਗਤ ਆ ਜਾਂਦੀ ਹੈ.
ਸਥਾਪਿਤ ਗੀਤਕਾਰਾਂ ਦੀ ਜਗ੍ਹਾ ਨਵੇਂ ਗੀਤਕਾਰ ਹੀ ਕਿਉਂ?
ਅਜਿਹਾ ਕੁੱਝ ਨਹੀਂ ਵੀਰ, ਤੁਸੀਂ ਵੇਖਿਆ ਹੋਵੇਗਾ, ਮੇਰੀ ਹਰ ਕੈਸਿਟ ਵਿੱਚ ਜਿਆਦਾਤਰ ਗੀਤ ਮੇਰੇ ਖੁਦ ਦੇ ਹੁੰਦੇ ਹਨ ਅਤੇ ਇੱਕ ਦੋ ਗੀਤ ਨਵੇਂ ਗੀਤਕਾਰਾਂ ਦੇ ਹੁੰਦੇ ਹਨ. ਪਹਿਲੀ ਗੱਲ ਮੈਨੂੰ ਆਪਣੀ ਲੇਖਣੀ 'ਤੇ ਵਿਸ਼ਵਾਸ ਹੈ ਅਤੇ ਦੂਜਾ ਨਵੇਂ ਗੀਤਕਾਰ ਵੀ ਚੰਗਾ ਲਿਖਦੇ ਹਨ. ਇਸ ਲਈ ਮੈਂ ਨਵੇਂ ਜਾਂ ਪੁਰਾਣੇ ਗੀਤਕਾਰ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਵੇਖਦਾ.
ਦੋਗਾਣਾ ਗਾਇਕੀ ਵੱਲ ਕਿਸ ਤਰ੍ਹਾਂ ਆਉਣਾ ਹੋਇਆ?
ਬੱਸ ਬਈ ਸਮੇਂ ਦੀ ਮੰਗ ਹੈ. ਜੇਕਰ ਅਸੀਂ ਸਮੇਂ ਦੇ ਨਾਲ ਚੱਲਦੇ ਹਾਂ ਤਾਂਹੀ ਸਫ਼ਲਤਾ ਮਿਲਦੀ ਹੈ. ਅੱਜ ਦਾ ਦੌਰਾ ਦੋਗਾਣਾ ਗਾਇਕੀ ਦਾ ਹੈ ਅਤੇ ਲੋਕ ਇਸਨੂੰ ਪਸੰਦ ਕਰਦੇ ਹਨ. ਇਸਦੇ ਇਲਾਵਾ ਦੋਗਾਣਾ ਗੀਤਾਂ 'ਚ ਸੱਭਿਆਚਾਰ ਨੂੰ ਵੀ ਗੂੰਦਣਾ ਦਾ ਮੌਕਾ ਮਿਲਦਾ ਹੈ. ਸੋਲੋ ਗੀਤਾਂ ਨਾਲੋਂ ਦੋਗਾਣਾ ਗੀਤਾਂ ਵਿੱਚ ਵਧੇਰੇ ਕੁੱਝ ਲਿਖਣ ਨੂੰ ਮਿਲ ਜਾਂਦਾ ਹੈ.
ਸੋਲੋ ਬਾਰੇ ਹੁਣ ਤੁਹਾਡਾ ਕੀ ਖਿਆਲ ਹੈ?
ਸੋਲੋ ਗੀਤਾਂ ਦਾ ਵੀ ਆਪਣਾ ਇੱਕ ਵੱਖਰਾ ਰੰਗ ਹੈ. ਮੇਰੇ ਦੋਗਾਣਾ ਗੀਤਾਂ ਦੀ ਤਰ੍ਹਾਂ ਲੋਕ ਮੇਰੇ ਹਿੱਟ ਸੋਲੋ ਗੀਤਾਂ ਦੀ ਵੀ ਮੰਗ ਕਰਦੇ ਹਨ. ਮੈਂ ਇੱਥੇ ਕਹਿਣਾ ਚਾਹੁੰਦਾ ਹਾਂ ਕਿ ਮੈਂ ਦੋਗਾਣਾ ਗੀਤ ਗਾਉਣੇ ਜਰੂਰ ਸ਼ੁਰੂ ਕੀਤੇ ਹਨ, ਪਰੰਤੂ ਸੋਲੋ ਗਾਇਕੀ ਨਹੀਂ ਛੱਡੀ. ਮੇਰੀ ਆਉਣ ਵਾਲੀ ਨਵੀਂ ਦੋਗਾਣਾ ਕੈਸਿਟ 'ਚ ਇੱਕ ਗੀਤ ਸੋਲੋ ਵੀ ਹੈ. ਰੱਬ ਸੁੱਖ ਰੱਖੇ ਬਹੁਤ ਜਲਦ ਇੱਕ ਸੋਲੋ ਕੈਸਿਟ ਵੀ ਲੈਕੇ ਆਵਾਂਗਾ.
ਕੀ ਤੁਸੀਂ ਕੇਵਲ ਆਪਣੇ ਲਈ ਲਿਖਦੇ ਹੋ ?
ਨਹੀਂ ਵੀਰ ਜੀ, ਮੇਰੇ ਲਿਖੇ ਗੀਤ ਮੇਰੇ ਇਲਾਵਾ ਹੋਰ ਵਧੇਰੇ ਗਾਇਕ ਗਾਇਕਾਵਾਂ ਨੇ ਗਾਏ ਹਨ. ਜਿਹਨਾਂ ਵਿੱਚ ਰਾਣੀ ਰਣਦੀਪ, ਰਾਜ ਬਰਾੜ, ਕੁਲਵਿੰਦਰ ਕੰਵਲ, ਨਵਦੀਪ ਸੰਧੂ, ਚਰਨਜੀਤ ਚੰਨੀ ਆਦਿ ਸ਼ਾਮਲ ਹਨ. ਗੀਤ ਲਿਖਣ ਦੀ ਪੇਸ਼ਕਸ਼ ਤਾਂ ਹਰ ਰੋਜ ਆਉਂਦੀ ਹੀ ਰਹਿੰਦੀ ਹੈ, ਪਰੰਤੂ ਆਪਣੇ ਪ੍ਰੋਜੈਕਟਾਂ ਦੇ ਵਿੱਚ ਰੁੱਝਿਆ ਹੋਣ ਕਾਰਣ ਦੂਜਿਆਂ ਲਈ ਘੱਟ ਸਮਾਂ ਮਿਲਦਾ ਹੈ.
ਤੁਹਾਨੂੰ ਕਿਸ ਪੱਧਰ ਦੀ ਕੰਪਨੀ ਦਾ ਕੰਮ ਕਰਕੇ ਮਜਾ ਆਇਆ ?
ਉਂਝ ਤਾਂ ਸਾਰੀਆਂ ਹੀ ਕੰਪਨੀਆਂ ਵਧੀਆ ਹਨ. ਪਰੰਤੂ ਪੰਜਾਬ ਪੱਧਰ ਦੀ ਕਿਸੇ ਵੀ ਸਥਾਪਿਤ ਕੰਪਨੀ ਦੇ ਨਾਲ ਕੰਮ ਕਰਨ ਦਾ ਮਜਾ ਹੀ ਕੁੱਝ ਹੋਰ ਹੈ. ਇਸਦਾ ਕਾਰਣ ਇਹ ਹੈ ਕਿ ਪੰਜਾਬ ਪੱਧਰ ਦੀ ਕੰਪਨੀ ਮਾਰਕਿਟ ਦੀ ਸਥਿਤੀ ਨੂੰ ਦੂਜਿਆਂ ਕੰਪਨੀਆਂ ਨਾਲੋਂ ਵਧੇਰੇ ਚੰਗੀ ਤਰ੍ਹਾਂ ਨਾਲ ਸਮਝਦੀ ਹੈ. ਜਿਸ ਨਾਲ ਗਾਇਕ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਨਹੀਂ ਆਉਂਦੀ ਹੈ.
ਅਖਾੜੇ ਦਾ ਰੁਝਾਨ ਘੱਟਿਆ ਹੈ ਜਾਂ ਵੱਧਿਆ ਹੈ ?
ਬਈ ਜੀ ਅਖਾੜੇ ਅੱਜ ਵੀ ਪਹਿਲਾਂ ਵਾਂਗ ਬੜੇ ਉਤਸ਼ਾਹ ਨਾਲ ਸੁਣੇ ਅਤੇ ਵੇਖੇ ਜਾਂਦੇ ਹਨ. ਇਹ ਗੱਲ ਜਰੂਰ ਹੈ ਕਿ ਇੱਕ ਸਮੇਂ ਇਹਨਾਂ ਦੀ ਲੋਕਪ੍ਰਿਅਤਾ ਘੱਟ ਹੋਈ ਸੀ, ਪਰੰਤੂ ਅੱਜਕੱਲ੍ਹ ਸਟੇਜ ਸ਼ੋਅ ਦਾ ਰੁਝਾਨ ਫਿਰ ਤੋਂ ਵੱਧਿਆ ਹੈ. ਇਸਦਾ ਕਾਰਣ ਹੈ ਕਿ ਲੋਕ ਅੱਜ ਵੀ ਗਾਇਕਾਂ ਨੂੰ ਅੱਖਾਂ ਮੂਹਰੇ ਗਾਉਂਦਿਆਂ ਵੇਖਣਾ ਚਾਹੁੰਦੇ ਹਨ. ਅਖਾੜਾ ਸੁਣਨ ਦਾ ਤਾਂ ਵੱਖਰਾ ਹੀ ਨਜਾਰਾ ਹੁੰਦਾ ਹੈ.
ਅੱਜਕੱਲ੍ਹ ਕੀ ਚੱਲ ਰਿਹਾ ਹੈ ?
ਅੱਜਕੱਲ੍ਹ ਮੈਂ ਇੱਕ ਭੇਂਟਾਂ ਦੀ ਵੀਸੀਡੀ ਤਿਆਰ ਕਰਨ ਵਿੱਚ ਰੁੱਝਿਆ ਹੋਇਆ ਹਾਂ. ਇਸਦੇ ਇਲਾਵਾ ਇੱਕ ਸੱਭਿਆਚਾਰਕ ਕੈਸਿਟ ਦੀ ਤਿਆਰੀ ਵੀ ਨਾਲ ਨਾਲ ਚੱਲ ਰਹੀ ਹੈ. ਜਿਸ ਵਿੱਚ ਕੁੱਲ ਦਸ ਗੀਤ ਹੋਣਗੇ, ਜਿਹਨਾਂ ਵਿੱਚ ਇੱਕ ਸੋਲੋ ਗੀਤ ਵੀ ਸ਼ਾਮਲ ਹੈ. ਇਸ ਕੈਸਿਟ ਦੇ ਗੀਤਾਂ ਨੂੰ ਮੈਂ, ਰਾਜ ਸੁਖਰਾਜ, ਰਾਜ ਭੁੱਲਰ ਅਤੇ ਇੱਕ ਹੋਰ ਗੀਤਕਾਰ ਨੇ ਲਿਖਿਆ ਹੈ. ਇਹ ਕੈਸਿਟ ਪੰਜਾਬ ਦੀ ਪ੍ਰਸਿੱਧ ਮਿਊਜ਼ਿਕ ਕੰਪਨੀ ਗੋਇਲ ਵੱਲੋਂ ਰਿਲੀਜ ਕੀਤੀ ਜਾਵੇਗੀ, ਜਿਸਦਾ ਸੰਗੀਤ ਲਾਲ ਕਮਲ ਹੁਰਨਾਂ ਨੇ ਤਿਆਰ ਕੀਤਾ ਹੈ.
ਲੋਡ ਹੋ ਰਿਹਾ ਹੈ...